ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਧਰਮ ਦੇ ਲੋਕਾਂ ਦਾ ਸਰਬਸਾਂਝਾ ਅਸਥਾਨ ਹੈ ਅਤੇ ਇਥੇ ਪੁੱਜਣ ਵਾਲੇ ਸ਼ਰਧਾਲੂਆਂ ਦਾ ਸਤਿਕਾਰ ਕੀਤਾ ਜਾਂਦਾ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖ ਵਿਰੋਧੀ ਸ਼ਕਤੀਆਂ ਸਿੱਖ ਸੰਸਥਾਵਾਂ ਦੇ ਅਕਸ ਨੂੰ ਖਰਾਬ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀਆਂ।
ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾ ’ਤੇ ਗਲਤ ਪ੍ਰਾਪੇਗੰਡਾ ਕਰਨਾ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਕਾਰਵਾਈ ਹੈ, ਜਿਸ ਤੋਂ ਬਚਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਹਾਲੀਆ ਵਾਪਰੀ ਘਟਨਾ ਵਿਚ ਇਕ ਲੜਕੀ ਨੂੰ ਪਹਿਰੇਦਾਰ ਵੱਲੋਂ ਮਰਯਾਦਾ ਦੇ ਪਾਲਣ ਲਈ ਕਿਹਾ ਗਿਆ ਸੀ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਆਰੰਭ ਦਿੱਤੀ ਹੈ, ਪਰੰਤੂ ਫਿਰ ਵੀ ਮਾਮਲੇ ਨੂੰ ਕੁਝ ਲੋਕ ਜਾਣਬੁਝ ਕੇ ਗਲਤ ਦਿਸ਼ਾ ਵਿਚ ਵਧਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹਰੇਕ ਗੁਰੂ ਘਰ ਦੀ ਇਕ ਮਰਯਾਦਾ ਨਿਰਧਾਰਤ ਹੁੰਦੀ ਹੈ, ਜਿਸ ਦਾ ਸੰਗਤ ਨੂੰ ਪਾਲਣ ਕਰਨਾ ਲਾਜ਼ਮੀ ਹੁੰਦਾ ਹੈ। ਕਈ ਵਾਰ ਕੁਝ ਲੋਕ ਜਾਣਬੁਝ ਕੇ ਮਰਯਾਦਾ ਵਿਰੁੱਧ ਕਾਰਵਾਈਆਂ ਕਰ ਦਿੰਦੇ ਹਨ, ਜਿਸ ਕਰਕੇ ਪਹਿਰੇਦਾਰ ਅਤੇ ਸੇਵਾਦਾਰ ਸ਼ਰਧਾਲੂਆਂ ਨੂੰ ਸੁਚੇਤ ਕਰਦੇ ਰਹਿੰਦੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਪੁੱਜਣ ਸਮੇਂ ਮਰਯਾਦਾ ਦਾ ਖਿਆਲ ਰੱਖਿਆ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਗੱਲ ਤੇ ਤਿਰੰਗਾ ਬਣਾ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਹਿਬ (Harmandir Sahib) ਦੇ ਅੰਦਰ ਜਾ ਰਹੀ ਕੁੜੀ ਨੂੰ ਰੋਕਣ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ। ਇਸ ਦੇ ਸੋਸ਼ਲ ਮੀਡੀਆ ਤੇ ਟ੍ਰੈਂਡ ਹੋਣ ਤੋਂ ਬਾਅਦ (SGPC) ਨੂੰ ਮੁਆਫੀ ਮੰਗਣੀ ਪਈ ਹੈ।
ਦਰਅਸਲ, ਬਾਹਰੋਂ ਆਈ ਇੱਕ ਕੁੜੀ ਨੇ ਆਪਣੀ ਗੱਲ ‘ਤੇ ਤਿਰੰਗਾ ਬਣਾਇਆ ਹੋਇਆ ਸੀ, ਜਿਸਦੇ ਚਲਦੇ ਦਰਬਾਰ ਸਾਹਿਬ ਦੇ ਸੇਵਾਦਾਰਾਂ ਵਲੋਂ ਉਸਨੂੰ ਇਹ ਕਹਿ ਕੇ ਅੰਦਰ ਜਾਣ ਤੋਂ ਰੋਕ ਦਿੱਤਾ ਕਿ ਇਹ ਇੰਡੀਆ ਨਹੀਂ ਇਹ ਪੰਜਾਬ ਹੈ।
ਕੁੜੀ ਨੇ ਇਸਦੀ ਵੀਡਿਓ ਟਵਿਟਰ ਤੇ ਪਾਈ ਤਾਂ ਕੁਝ ਹੀ ਮਿੰਟਾਂ ਵਿੱਚ ਇਹ ਵਾਇਰਲ ਹੋ ਗਈ। ਇੱਥੋਂ ਤੱਕ ਕਿ ਟਵਿਟਰ ਤੇ ਇਹ ਮਾਮਲਾ ਟ੍ਰੈਂਡ ਵੀ ਕਰਨ ਲੱਗ ਪਿਆ। ਲੋਕਾਂ ਨੇ ਇਸ ਮਾਮਲੇ ਤੇ ਐਸਜੀਪੀਸੀ ਤੇ ਗੰਭੀਰ ਸਵਾਲ ਚੁੱਕੇ, ਜਿਸ ਤੋਂ ਬਾਅਦ ਐਸਜੀਪੀਸੀ ਨੇ ਪੂਰੇ ਮਾਮਲੇ ਤੇ ਮੁਆਫੀ ਮੰਗ ਲਈ। ਐਸਜੀਪੀਸੀ ਦੀ ਮੁਆਫੀ ਤੋਂ ਬਾਅਦ ਹੁਣ ਸਬੰਧਿਤ ਸੇਵਾਦਾਰ ਦਾ ਬਿਆਨ ਸਾਹਮਣੇ ਆਇਆ ਹੈ।
ਸੇਵਾਦਾਰ ਨੇ ਮਾਮਲੇ ਤੇ ਦਿੱਤੀ ਸਫਾਈ
ਸੇਵਾਦਾਰ ਸਰਬਜੀਤ ਸਿੰਘ ਸੇਵਾਦਾਰ ਨੇ ਇਸ ਮਾਮਲੇ ਤੇ ਇਕ ਵੀਡੀਓ ਜਾਰੀ ਕੀਤੀ ਹੈ, ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ।ਵੀਡੀਓ ਚ ਸਰਬਜੀਤ ਸਿੰਘ ਕਹਿ ਰਹੇ ਹਨ, ‘ਲੜਕੀ ਨੇ ਸਕਰਟ ਪਾਈ ਹੋਈ ਸੀ, ਮੈਂ ਉਸ ਨੂੰ ਮਰਿਯਾਦਾ ਬਾਰੇ ਦੱਸਿਆ ਕਿ ਪੂਰੇ ਸਰੀਰ ਨੂੰ ਢੱਕ ਕੇ ਹੀ ਸ਼੍ਰੀ ਦਰਬਾਰ ਸਾਹਿਬ ਜਾਣਾ ਚਾਹੀਦਾ ਹੈ ਪਰ ਇਸ ਗੱਲ ਨੂੰ ਗਲਤ ਰੰਗਤ ਦੇ ਦਿੱਤੀ ਗਈ। ਹਰਮਿੰਦਰ ਸਾਹਿਬ ਆਉਣ ਵਾਲੇ ਹਰੇਕ ਵਿਅਕਤੀ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਮਰਿਯਾਦਾ ਸਭ ਤੋਂ ਅਹਿਮ ਹੈ।