ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਂ-ਪਿਉ ਨੇ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਉਹਨਾਂ ਨੇ ਕਿਹਾ ਹੈ ਕਿ ਕਤਲ ਨੂੰ ਲਗਭਗ ਤਿੰਨ ਮਹੀਨੇ ਬੀਤ ਚੁੱਕੇ ਹਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਕਾਫ਼ੀ ਸਮਾਂ ਵੀ ਦਿੱਤਾ ਹੈ ਪਰ ਪੁਲਿਸ ਇਸ ਘਿਨਾਉਣੇ ਅਪਰਾਧ ਦੇ ਅਸਲ ਦੋਸ਼ੀਆਂ ਨੂੰ ਫੜਨ ਵਿੱਚ ਅਸਫ਼ਲ ਰਹੀ ਹੈ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਲਗਭਗ ਸਾਰੇ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਿੱਧੂ ਦੇ ਮਾਪਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੂਬੇ ਦੇ ਹਰ ਪਿੰਡ ਵਿੱਚ ਮੋਮਬੱਤੀ ਮਾਰਚ ਕਰਨ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਹੈ ਪਰ ਪੁਲੀਸ ਸਿੱਧੂ ਦੇ ਅਸਲ ਕਾਤਲਾਂ ਨੂੰ ਸਾਹਮਣੇ ਨਹੀਂ ਲਿਆ ਸਕੀ।
ਉਨ੍ਹਾਂ ਕਿਹਾ ਕਿ ਗੋਲੀਬਾਰੀ ਕਰਨ ਵਾਲਿਆਂ ਨੂੰ ਪੈਸੇ ਦੇਣ ਅਤੇ ਪਨਾਹ ਦੇਣ ਵਾਲੇ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਅਤੇ ਪੁਲਿਸ ਨੂੰ ਉਨ੍ਹਾਂ ਦਾ ਪਤਾ ਲਗਾਉਣਾ ਚਾਹੀਦਾ ਹੈ।
ਬਲਕੌਰ ਸਿੰਘ ਕਿਹਾ, “ਜੇ ਸਰਕਾਰ ਪਰਦੇ ਪਿੱਛੇ ਲੋਕਾਂ ਨੂੰ ਉਜਾਗਰ ਕਰਨ ਵਿੱਚ ਅਸਫ਼ਲ ਰਹੀ ਤਾਂ ਹੁਣ ਅਸੀਂ ਆਪਣੇ ਪੁੱਤਰ ਲਈ ਇਨਸਾਫ਼ ਵਾਸਤੇ ਲੋਕਾਂ ਦੇ ਸਮਰਥਨ ਨਾਲ ਸੜਕਾਂ ‘ਤੇ ਆਉਣ ਦਾ ਫੈਸਲਾ ਕੀਤਾ ਹੈ।”
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਨੂੰ 90 ਦਿਨ ਬੀਤ ਚੁੱਕੇ ਹਨ ਅਤੇ ਉਹ ਸਰਕਾਰ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ
ਪੁਲਿਸ ਦਾ ਕੀ ਕਹਿਣਾ ਹੈ
ਇਸ ਦੌਰਾਨ ਪੁਲੀਸ ਸੂਤਰਾਂ ਦਾ ਦਾਅਵਾ ਹੈ ਕਿ ਪੁਲੀਸ ਨੇ ਕਤਲ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸ਼ਾਮਲ ਤਕਰੀਬਨ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਦੀ ਹੱਤਿਆ ਕਰਨ ਵਾਲਿਆਂ ਵਿੱਚ ਸਿਰਫ਼ ਸ਼ੂਟਰ ਦੀਪਕ ਮੁੰਡੀ ਹੀ ਫਰਾਰ ਹੈ। ਪੁਲੀਸ ਵੀ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਲਈ ਤਿਆਰ ਹੈ।