ਕਰਨਾਟਕ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਓਮ ਪ੍ਰਕਾਸ਼ ਦਾ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਲਾਸ਼ ਐਤਵਾਰ ਨੂੰ ਬੈਂਗਲੁਰੂ ਸ਼ਹਿਰ ਦੇ ਐਚਐਸਆਰ ਲੇਆਉਟ ਸਥਿਤ ਉਨ੍ਹਾਂ ਦੇ ਘਰ ਵਿੱਚ ਖੂਨ ਨਾਲ ਲੱਥਪੱਥ ਮਿਲੀ। ਪੁਲਿਸ ਅਨੁਸਾਰ ਸਾਬਕਾ ਡੀਜੀਪੀ ਦਾ ਕਤਲ ਚਾਕੂ ਮਾਰ ਕੇ ਕੀਤਾ ਗਿਆ ਹੈ ਕਿਉਂਕਿ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਓਮ ਪ੍ਰਕਾਸ਼ ਦੀ ਪਤਨੀ ਪੱਲਵੀ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਲਾਸ਼ ਐਚਐਸਆਰ ਲੇਆਉਟ ਵਿੱਚ ਉਨ੍ਹਾਂ ਦੇ ਤਿੰਨ ਮੰਜ਼ਿਲਾ ਘਰ ਦੀ ਜ਼ਮੀਨੀ ਮੰਜ਼ਿਲ ‘ਤੇ ਖੂਨ ਨਾਲ ਲੱਥਪੱਥ ਪਈ ਮਿਲੀ। ਪੁਲਿਸ ਨੇ ਘਟਨਾ ਦੇ ਸੰਬੰਧ ਵਿੱਚ ਪ੍ਰਕਾਸ਼ ਦੀ ਪਤਨੀ ਅਤੇ ਧੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।