ਸ਼ਹਿਰ ਵਾਸੀਆਂ ਨੂੰ ਟ੍ਰੈਫਿਕ/ਪਾਰਕਿੰਗ ਦੀ ਸਮੱਸਿਆ ਤੋ ਨਿਜ਼ਾਤ ਦਿਵਾਉਣ ਲਈ ਸੀ ਪੀ ਦੀ ਅਹਿਮ ਪਹਿਲਕਦਮੀ
ਨਜ਼ਾਇਜ਼ ਕਬਜ਼ਿਆਂ ਨੂੰ ਹਟਾਉਣ ਤੋਂ ਬਾਅਦ ਹੁਣ ਨਵੀਂ ਬਣਨ ਵਾਲੀ ਇਮਾਰਤ/ਮਾਲ ਜਾਂ ਦਫ਼ਤਰ ਲਈ ਐਨ ਓ ਸੀ ਲੈਣੀ ਹੋਵੇਗੀ ਜ਼ਰੂਰੀ
ਜਲੰਧਰ,(H.S) 1 ਅਗਸਤ: ਸ਼ਹਿਰ ਵਿੱਚ ਟ੍ਰੈਫਿਕ/ਪਾਰਕਿੰਗ ਦੀ ਅਰਾਜਕਤਾ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਵੱਡਾ ਕਦਮ ਚੁੱਕਦੇ ਹੋਏ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਸਵਪਨ ਸ਼ਰਮਾ ਨੇ ਕਿਸੇ ਵੀ ਇਮਾਰਤ/ਮਾਲ ਜਾਂ ਦਫ਼ਤਰ ਨੂੰ ਖੋਲ੍ਹਣ ਲਈ ਨਵੇਂ ਸੁਧਾਰਾਂ ਦੀ ਸ਼ੁਰੂਆਤ ਕਰਕੇ ਇੱਕ ਮਾਸਟਰ ਪਲਾਨ ਤਿਆਰ ਕੀਤਾ ਹੈ।
ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਟ੍ਰੈਫਿਕ ਸਮੱਸਿਆਵਾਂ ‘ਤੇ ਨਕੇਲ ਕੱਸਣ ਲਈ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਇੱਕੋ ਇੱਕ ਉਦੇਸ਼ ਆਮ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਦਫ਼ਤਰਾਂ ਅਤੇ ਵਪਾਰਕ ਅਦਾਰਿਆਂ ਵਿੱਚ ਪਾਰਕਿੰਗ ਲਈ ਲੋੜੀਂਦੀ ਥਾਂ ਦੀ ਅਣਹੋਂਦ ਕਾਰਨ ਹੋਣ ਵਾਲੇ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣਾ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਹੁਣ ਤੋਂ ਮਾਲ, ਦਫ਼ਤਰ ਜਾਂ ਅਦਾਰੇ ਖੋਲ੍ਹਣ ਲਈ ਪੁਲਿਸ ਤੋਂ ਐਨ.ਓ.ਸੀ ਲਾਜ਼ਮੀ ਹੋਵੇਗੀ ਅਤੇ ਦਫ਼ਤਰਾਂ ਅਤੇ ਜਨਤਕ ਥਾਵਾਂ ਲਈ ਨੋ ਰੂਲਜ਼, ਨੋ ਐਂਟਰੀ ਨੂੰ ਸਖ਼ਤੀ ਨਾਲ ਯਕੀਨੀ ਬਣਾਇਆ ਜਾਵੇਗਾ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਨਜ਼ਾਇਜ਼ ਕਬਜ਼ਿਆਂ ਦੇ ਮੁੱਦਿਆਂ ਨੂੰ ਹੱਲ ਕਰਨ ਤੋਂ ਬਾਅਦ, ਕਮਿਸ਼ਨਰੇਟ ਪੁਲਿਸ ਹੁਣ ਵਾਹਨ ਪਾਰਕਿੰਗ ਦੀਆਂ ਸਮੱਸਿਆਵਾਂ ਨਾਲ ਨਜਿੱਠ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੋਂ ਵਪਾਰਕ ਗਤੀਵਿਧੀਆਂ ਲਈ ਪਾਰਕਿੰਗ ਲਈ ਲੋੜੀਂਦੀ ਥਾਂ ਲਈ ਪੁਲਿਸ ਵਿਭਾਗ ਤੋਂ ਐਨਓਸੀ ਲੈਣਾ ਲਾਜ਼ਮੀ ਹੋਵੇਗਾ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਮਾਰਤ ਦੀ ਉਸਾਰੀ ਲਈ ਪ੍ਰਵਾਨਗੀ ਅਤੇ ਐਨ.ਓ.ਸੀ. ਸਬੰਧੀ ਸਬੰਧਤ ਵਿਭਾਗਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਨਵਾਂ ਦਫ਼ਤਰ ਖੋਲ੍ਹਣਾ ਚਾਹੁੰਦਾ ਹੈ, ਉਸ ਨੂੰ ਪਾਰਕਿੰਗ ਸਥਾਨਾਂ, ਕੁੱਲ ਪਾਰਕਿੰਗ ਖੇਤਰ ਅਤੇ ਚਾਰ ਪਹੀਆ ਵਾਹਨਾਂ ਅਤੇ ਦੋਪਹੀਆ ਵਾਹਨਾਂ ਦੀ ਸਮਰੱਥਾ ਨੂੰ ਦਰਸਾਉਂਦਾ ਵਿਸਤ੍ਰਿਤ ਲੇਆਉਟ ਅਤੇ ਸਾਈਟ ਪਲਾਨ ਜਮ੍ਹਾਂ ਕਰਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਰੈਸਟੋਰੈਂਟਾਂ, ਬਾਰਾਂ, ਹੋਟਲਾਂ, ਮਲਟੀਪਲੈਕਸਾਂ, ਹਸਪਤਾਲਾਂ ਅਤੇ ਹੋਰ ਸੰਸਥਾਵਾਂ ਲਈ ਐਨਓਸੀ ਲਈ ਅਰਜ਼ੀ ਦੇਣ ਵੇਲੇ ਬੈਠਣ ਦੀ ਸਮਰੱਥਾ ਅਤੇ ਕਮਰਿਆਂ/ਬੈੱਡਾਂ ਦੀ ਗਿਣਤੀ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਇਹ ਇੱਕ ਪਾਸੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰੇਗਾ ਅਤੇ ਦੂਜੇ ਪਾਸੇ ਪਾਰਕਿੰਗ ਸਥਾਨ ਦੀ ਅਣਹੋਂਦ ਕਾਰਨ ਟ੍ਰੈਫਿਕ ਦੀ ਜਾਮ ਨੂੰ ਰੋਕਣ ਵਿੱਚ ਮਦਦ ਕਰੇਗਾ ।