ਵਿਜੀਲੈਂਸ ਨੇ ਪੱਤਰਕਾਰ ਹਮਦਰਦ-ਆਈਏਐਸ ਬੁਬਲਾਨੀ ਤੇ 6 ਇੰਜੀਨੀਅਰਾਂ ਨੂੰ ਕੀਤਾ ਸੰਮਨ: ਵਿਜੀਲੈਂਸ ਨੂੰ ਮਿਲੇ ਅਹਿਮ ਸਬੂਤ
ਪੰਜਾਬ ਵਿਜੀਲੈਂਸ ਬਿਊਰੋ ਨੇ ਕਰਤਾਰਪੁਰ ਵਿਖੇ ਬਣੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਸਬੰਧ ਵਿੱਚ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਨੂੰ ਇੱਕ ਵਾਰ ਫਿਰ ਨੋਟਿਸ ਜਾਰੀ ਕੀਤਾ ਹੈ। ਇਸ ਵਾਰ ਵਿਜੀਲੈਂਸ ਨੇ ਪੀਡਬਲਯੂਡੀ ਦੇ ਤਤਕਾਲੀ 6 ਕਾਰਜਕਾਰੀ ਇੰਜਨੀਅਰਾਂ ਦੇ ਨਾਲ-ਨਾਲ ਆਈਏਐਸ ਅਧਿਕਾਰੀ ਵਿਨੈ ਬੁਬਲਾਨੀ ਨੂੰ ਵੀ 11 ਅਗਸਤ ਨੂੰ ਤਲਬ ਕੀਤਾ ਹੈ।ਆਪਣੇ ਭੇਜੇ ਨੋਟਿਸ ਵਿੱਚ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਵੱਲੋਂ ਭੇਜੇ ਜਵਾਬ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ।
ਹਮਦਰਦ ਨੂੰ ਭੇਜੇ ਨੋਟਿਸ ਵਿੱਚ ਵਿਜੀਲੈਂਸ ਨੇ ਕਿਹਾ ਕਿ ਯਾਦਗਾਰ ਵਿੱਚ ਕਈ ਘਪਲੇ ਹੋਏ ਹਨ। ਗੋਦਰੇਜ ਕੰਪਨੀ ਜਿਸ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਵਿੱਚ ਬੁੱਤ ਬਣਾਉਣ ਅਤੇ ਗੈਲਰੀਆਂ ਬਣਾਉਣ ਦਾ ਕੰਮ ਦਿੱਤਾ ਗਿਆ ਸੀ। ਉਸ ਨੇ ਕੰਮ ਪੂਰਾ ਨਹੀਂ ਕੀਤਾ। ਹੁਣ ਵੀ ਯਾਦਗਾਰ ਦਾ ਕੰਮ ਅਧੂਰਾ ਪਿਆ ਹੈ। ਜਦੋਂਕਿ ਅਧੂਰਾ ਕੰਮ ਹੋਣ ਦੇ ਬਾਵਜੂਦ ਗੋਦਰੇਜ ਕੰਪਨੀ ਨੂੰ ਜੁਰਮਾਨਾ ਕਰਨ ਦੀ ਬਜਾਏ ਪੂਰੇ ਕੰਮ ਦੀ ਅਦਾਇਗੀ ਕੀਤੀ ਗਈ। ਵਿਜੀਲੈਂਸ ਨੇ ਦੱਸਿਆ ਕਿ ਗੋਦਰੇਜ ਕੰਪਨੀ ਨਾਲ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਦੇ ਸਮਝੌਤੇ ਅਨੁਸਾਰ ਕੰਪਨੀ ਨੇ 10 ਗੈਲਰੀਆਂ ਬਣਾਉਣੀਆਂ ਸਨ, ਪਰ ਕੰਪਨੀ ਨੇ ਸਿਰਫ਼ 6 ਗੈਲਰੀਆਂ ਹੀ ਬਣਾਈਆਂ। ਜਿੱਥੇ ਗੋਦਰੇਜ ਕੰਪਨੀ ਨੇ ਸਮਝੌਤੇ ਅਨੁਸਾਰ 4 ਗੈਲਰੀਆਂ ਨਹੀਂ ਬਣਾਈਆਂ, ਉੱਥੇ ਹੀ ਗੈਲਰੀਆਂ ਵਿੱਚ ਮੂਰਤੀਆਂ ਵੀ ਨਹੀਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਕੋਲ ਵੀ ਕੰਪਨੀ ਵੱਲੋਂ ਅਜਿਹੇ ਕੰਮ ਕਰਵਾਏ ਗਏ ਹਨ, ਜਿਨ੍ਹਾਂ ਦੇ ਟੈਂਡਰ ਵੀ ਨਹੀਂ ਨਿਕਲੇ ਸਨ।