ਬਰਤਾਨਵੀ ਸੰਸਦ ਦੀ ਰੱਖਿਆ ਚੋਣ ਕਮੇਟੀ ਦੇ ਚੇਅਰਮੈਨ ਦੀ ਬੀਤੇ ਦਿਨ 11 ਸਤੰਬਰ ਨੂੰ ਹੋਈ ਚੋਣ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਰੱਖਿਆ ਸਿਲੈਕਟ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ।
ਦੱਸਣਯੋਗ ਹੈ ਕਿ ਇਹ ਕਮੇਟੀ ਵਿਸ਼ੇਸ਼ ਤੌਰ ‘ਤੇ ਰੱਖਿਆ ਸਬੰਧੀ ਬਰਤਾਨਵੀ ਸਰਕਾਰ ਦੀਆਂ ਨੀਤੀਆਂ ਦੀ ਘੋਖ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ ਅਤੇ ਯੂ.ਕੇ. ਦੇ ਹਾਊਸ ਆਫ਼ ਕਾਮਨਜ਼ ਦੇ 650 ਸੰਸਦ ਮੈਂਬਰ ਹੀ ਇਸ ਸਿਲੈਕਟ ਕਮੇਟੀ ਦੀ ਚੋਣ ਲਈ ਵੋਟਾਂ ਪਾ ਸਕਦੇ ਹਨ।
ਇਸ ਚੋਣ ਵਿੱਚ ਮਹੱਤਵਪੂਰਨ ਗੱਲ ਇਹ ਵੀ ਹੈ ਕਿਉਂਕਿ ਤਨਮਨਜੀਤ ਸਿੰਘ ਢੇਸੀ ਇਸ ਰੱਖਿਆ ਕਮੇਟੀ ਦੇ ਚੇਅਰਮੈਨ ਵਜੋਂ ਚੁਣੇ ਜਾਣ ਵਾਲੇ ਬਲੈਕ, ਏਸ਼ੀਆਈ ਪਿਛੋਕੜ ਜਾਂ ਘੱਟ ਗਿਣਤੀ ਵਰਗ ਨਾਲ ਸਬੰਧਿਤ ਪਹਿਲੇ ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ 2020 ਵਿੱਚ ਵੀ ਜਦੋਂ ਉਨ੍ਹਾਂ ਨੇ ਕਮੇਟੀ ਵਿੱਚ ਬਤੌਰ ਮੈਂਬਰ ਸੇਵਾ ਨਿਭਾਈ ਸੀ ਤਾਂ ਉਸ ਵੇਲੇ ਵੀ ਉਹ ਬਲੈਕ, ਏਸ਼ੀਆਈ ਪਿਛੋਕੜ ਜਾਂ ਘੱਟ ਗਿਣਤੀ ਵਰਗ ਨਾਲ ਸਬੰਧਤ ਇਕਲੌਤੇ ਦੂਜੇ ਸੰਸਦ ਮੈਂਬਰ ਸਨ। ਇਹ ਇੱਕ ਇਤਿਹਾਸਕ ਪਲ ਇਸ ਕਰਕੇ ਵੀ ਹੈ ਕਿਉਂਕਿ ਤਨਮਨਜੀਤ ਸਿੰਘ ਢੇਸੀ ਯੂ.ਕੇ. ਸੰਸਦ ਦੀ ਇਸ ਚੋਣ ਕਮੇਟੀ ਦੇ ਚੇਅਰਮੈਨ ਵਜੋਂ ਚੁਣੇ ਜਾਣ ਵਾਲੇ ਪਹਿਲੇ ਪੰਜਾਬੀ ਅਤੇ ਪਹਿਲਾ ਸਿੱਖ ਚਿਹਰਾ ਹਨ।