ਪੰਜਾਬ ਵਿੱਚ ਗਰਮੀ ਨੇ ਵੱਟ ਕੱਢੇ ਹੋਏ ਹਨ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ, ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ, ਸੂਬੇ ਵਿੱਚ ਤਾਪਮਾਨ 0.3 ਡਿਗਰੀ ਵਧਿਆ ਹੈ, ਜੋ ਕਿ ਆਮ ਨਾਲੋਂ 5.4 ਡਿਗਰੀ ਵੱਧ ਹੈ। ਬਠਿੰਡਾ ਦੇਸ਼ ਵਿੱਚ ਸਭ ਤੋਂ ਗਰਮ ਰਿਹਾ ਹੈ। ਇੱਥੇ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ।
ਅੱਜ ਕਿੱਥੇ-ਕਿੱਥੇ ਲੂ ਅਲਰਟ ਜਾਰੀ?
ਮੌਸਮ ਵਿਭਾਗ ਵਲੋਂ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਲੂ ਦਾ ਅਲਰਟ ਜਾਰੀ ਕੀਤਾ ਗਿਆ। ਕਈ ਥਾਵਾਂ ਉੱਤੇ ਔਰੇਂਜ ਅਲਰਟ ਵੀ ਜਾਰੀ ਹੈ। ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਬਰਨਾਲਾ ਵਿੱਚ ਦਿਨ-ਰਾਤ ਗਰਮ ਰਹਿਣਗੇ। ਇਸ ਤੋਂ ਇਲਾਵਾ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਐਸਏਐਸ ਨਗਰ (ਮੁਹਾਲੀ), ਸੰਗਰੂਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਹੈ।
ਕਦੋਂ ਤੋਂ ਤੇਜ਼ ਹਵਾਵਾਂ ਦਾ ਅਲਰਟ?
ਮੌਸਮ ਵਿਭਾਗ ਮੁਤਾਬਕ, 14 ਜੂਨ ਨੂੰ ਮੌਸਮ ਵਿੱਚ ਬਦਲਾਅ ਦੇ ਆਸਾਰ ਹਨ। ਸ਼ਨੀਵਾਰ (14 ਜੂਨ) ਨੂੰ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਤੇਜ਼-ਹਵਾਵਾਂ ਅਤੇ ਅਸਮਾਨੀ ਬਿਜਲੀ ਦਾ ਅਲਰਟ ਜਾਰੀ ਕੀਤਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਤੇਜ਼-ਹਵਾਵਾਂ 40-50 KMPH ਦੀ ਰਫ਼ਤਾਰ ਨਾਲ ਚੱਲਣ ਦੀ ਚੇਤਾਵਨੀ ਦਿੱਤੀ ਹੈ।