ਮਾਨ ਕੈਬਨਿਟ ਦੇ ਮੰਤਰੀ ਮੰਡਲ ’ਚ ਹੋਵੇਗੀ ਨਵੇਂ ਚਿਹਰਿਆਂ ਦੀ ਐਂਟਰੀ, ਇੱਕ ਮੰਤਰੀ ਦੀ ਹੋ ਸਕਦੀ ਛੁੱਟੀ?

ਮਾਨ ਕੈਬਨਿਟ ਦੇ ਮੰਤਰੀ ਮੰਡਲ ’ਚ ਹੋਵੇਗੀ ਨਵੇਂ ਚਿਹਰਿਆਂ ਦੀ ਐਂਟਰੀ, ਇੱਕ ਮੰਤਰੀ ਦੀ ਹੋ ਸਕਦੀ ਛੁੱਟੀ?

ਲੁਧਿਆਣਾ ਜ਼ਿਮਨੀ ਚੋਣ ਨਤੀਜਿਆਂ ਮਗਰੋਂ ਮਾਨ ਕੈਬਨਿਟ ’ਚ ਫੇਰਬਦਲ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਸ਼ਾਮ 5.30 ਵਜੇ ਮੀਟਿੰਗ ਹੋਵੇਗੀ। ਇਸ ਮੀਟਿੰਗ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹਾਸਿਲ ਹੋਈ ਹੈ ਕਿ  ਫੇਰਬਦਲ ਮਗਰੋਂ ਮੰਤਰੀ ਮੰਡਲ ’ਚ ਨਵੇਂ ਚਿਹਰਿਆਂ ਦੀ ਐਂਟਰੀ ਹੋ ਸਕਦੀ ਹੈ। ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੂੰ ਕੈਬਨਿਟ ’ਚ ਥਾਂ ਵੀ ਮਿਲ ਸਕਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮਾਝੇ ਤੋਂ ਇੱਕ ਵਿਧਾਇਕ ਦੀ ਮੰਤਰੀ ਮੰਡਲ ’ਚ ਐਂਟਰੀ ਹੋ ਸਕਦੀ ਹੈ। ਇਨ੍ਹਾਂ ਹੀ ਨਹੀਂ ਕੁੱਝ ਮੰਤਰੀਆਂ ਦੇ ਵਿਭਾਗਾਂ ਚ ਫੇਰਬਦਲ ਦੀ ਵੀ ਖਬਰ ਹੈ। 

 

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਇਲਾਵਾ ਇੱਕ ਮੰਤਰੀ ਨੂੰ ਹਟਾਏ ਜਾਣ ਦੀਆਂ ਵੀ ਅਟਕਲਾਂ ਹਨ। ਇਸ ਵੇਲੇ ਪੰਜਾਬ ਵਿੱਚ 16 ਮੰਤਰੀ ਹਨ, ਜਦੋਂ ਕਿ 18 ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਇੱਕ ਦੇ ਅਸਤੀਫ਼ੇ ਤੋਂ ਬਾਅਦ ਤਿੰਨ ਆਗੂਆਂ ਲਈ ਜਗ੍ਹਾ ਬਚੇਗੀ। ਇਹ ਦੇਖਣਾ ਬਾਕੀ ਹੈ ਕਿ ਸੰਜੀਵ ਅਰੋੜਾ ਤੋਂ ਇਲਾਵਾ ਕਿਹੜੇ ਦੋ ਆਗੂਆਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਵਿਧਾਇਕਾਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਹ ਦੇਖਿਆ ਜਾ ਰਿਹਾ ਹੈ ਕਿ ਸਮਾਜ ਵਿੱਚ ਕਿਸ ਦਾ ਕੀ ਰੁਤਬਾ ਹੈ। ਜਨਤਾ ਦੀ ਕੀ ਰਾਏ ਹੈ ਅਤੇ ਉਹ ਕਿੰਨੇ ਸਰਗਰਮ ਹਨ। ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦਾ ਫੈਸਲਾ ਇਸੇ ਆਧਾਰ ‘ਤੇ ਲਿਆ ਜਾਂਦਾ ਹੈ।