ਭੋਗਪੁਰ ਦੇ ਪਿੰਡ ਕਾਲਾ ਬੱਕਰਾ ਵਿਚ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਸਰਪੰਚ ਨੇ ਆਪਣੇ ਵਿਰੋਧੀ ਨੂੰ ਗੋਲੀ ਮਾਰ ਦਿੱਤੀ। ਘਟਨਾ ‘ਚ ਵਿਅਕਤੀ ਦੀ ਛਾਤੀ ‘ਤੇ ਗੋਲੀ ਲੱਗੀ ਹੈ, ਜਿਸ ਦੀ ਹਾਲਤ ਫਿਲਹਾਲ ਸਥਿਰ ਹੈ। ਜ਼ਖਮੀ ਵਿਅਕਤੀ ਦਾ ਜਲੰਧਰ ਪਠਾਨਕੋਟ ਹਾਈਵੇ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਇਸ ਮਾਮਲੇ ਵਿਚ ਥਾਣਾ ਭੋਗਪੁਰ ਦੀ ਪੁਲਿਸ ਨੇ ਦੇਰ ਰਾਤ ਗੋਲੀ ਚਲਾਉਣ ਵਾਲੇ ਕਾਲਾ ਬੱਕਰਾ ਦੇ ਸਰਪੰਚ ਦਵਿੰਦਰ ਸਿੰਘ ਮੈਂਟਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਖਿਲਾਫ ਪੁਲਿਸ ਨੇ ਇਰਾਦਾ ਕਤਲ, ਅਸਲਾ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਲੰਧਰ ਦਿਹਾਤ ਥਾਣਾ ਆਦਮਪੁਰ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੀ ਪਛਾਣ ਤਲਵਿੰਦਰ ਸਿੰਘ ਵਾਸੀ ਪਿੰਡ ਕਾਲਾ ਬੱਕਰਾ ਵਜੋਂ ਹੋਈ ਹੈ। ਤਲਵਿੰਦਰ ਦੀ ਸੱਜੇ ਪਾਸੇ ਦੀ ਛਾਤੀ ‘ਤੇ ਗੋਲੀ ਲੱਗੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਲਾਇਸੈਂਸੀ ਹਥਿਆਰ ਤੇ ਲਾਇਸੈਂਸ ਬਰਾਮਦ ਕੀਤਾ ਗਿਆ। ਜਲਦੀ ਹੀ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਜਾਵੇਗਾ।
ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਜ਼ਖ਼ਮੀ ਵਿਅਕਤੀ ਅਤੇ ਸਰਪੰਚ ਦੋਵਾਂ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਹਨ। ਜ਼ਖਮੀ ਵਿਅਕਤੀ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ ਅਤੇ ਜੇਲ ਵੀ ਜਾ ਚੁੱਕਾ ਹੈ।