ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਮਾਮਲੇ ਸਮੇਤ ਕੁੱਝ ਹੋਰ ਮੁੱਦਿਆਂ ਨੇ ਪੰਥਕ ਸਿਆਸਤ ਵਿਚ ਵੱਡਾ ਭੂਚਾਲ ਲਿਆਂਦਾ ਹੋਇਆ ਏ। ਆਉਣ ਵਾਲੇ ਸਮੇਂ ਵਿਚ ਇਹ ਭੂਚਾਲ ਰੁਕਣ ਦੀ ਬਜਾਏ ਹੋਰ ਤੇਜ਼ ਹੋ ਸਕਦਾ ਏ ਕਿਉਂਕਿ ਇਸ ਵਾਰ 28 ਅਕਤੂਬਰ ਨੂੰ ਐਸਜੀਪੀਸੀ ਪ੍ਰਧਾਨ ਦੀ ਚੋਣ ਦੌਰਾਨ ਪੰਥਕ ਸਿਆਸਤ ਵਿਚ ਇਕ ਹੋਰ ਵੱਡਾ ਧਮਾਕਾ ਹੋ ਸਕਦਾ ਏ ਕਿਉਂਕਿ ਵਿਰੋਧੀਆਂ ਵੱਲੋਂ ਇਸ ਵਾਰ ਫਿਰ ਮੌਜੂਦਾ ਪ੍ਰਧਾਨ ਦੇ ਖ਼ਿਲਾਫ਼ ਬੀਬੀ ਜਗੀਰ ਕੌਰ ਨੂੰ ਮੈਦਾਨ ਵਿਚ ਉਤਾਰਿਆ ਜਾ ਰਿਹਾ ਏ, ਪਰ ਇਸ ਵਾਰ ਹਾਲਾਤ ਪਹਿਲਾਂ ਤੋਂ ਕਾਫ਼ੀ ਜ਼ਿਆਦਾ ਵੱਖਰੇ ਨੇ।
ਕੁੱਝ ਸਿਆਸੀ ਮਾਹਿਰ ਤਾਂ ਇਸ ਨੂੰ ਪੰਥਕ ਸਿਆਸਤ ‘ਚੋਂ ਬਾਦਲਾਂ ਦੀ ਵਿਦਾਈ ਦਾ ਸਮਾਂ ਦੱਸ ਰਹੇ ਨੇ।
ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ 28 ਅਕਤੂਬਰ ਨੂੰ ਚੋਣ ਹੋਣ ਜਾ ਰਹੀ ਐ, ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਗਿਆ ਏ। ਭਾਵੇਂ ਕਿ ਪਿਛਲੀ ਵਾਰ ਵੀ ਬੀਬੀ ਜਗੀਰ ਕੌਰ ਨੇ ਐਸਜੀਪੀਸੀ ਦੀ ਪ੍ਰਧਾਨਗੀ ਦੀ ਚੋਣ ਲੜੀ ਸੀ ਅਤੇ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ ਇਸ ਵਾਰ ਹਾਲਾਤ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਵੱਖਰੇ ਹੋ ਚੁੱਕੇ ਨੇ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀਆਂ ਬਿਆਨਬਾਜ਼ੀਆਂ ਨੇ ਜੋ ਨੁਕਸਾਨ ਅਕਾਲੀ ਦਲ ਦਾ ਕੀਤਾ ਏ, ਉਸ ਨੂੰ ਹੁਣ ਪੂਰਿਆ ਨਹੀਂ ਜਾ ਸਕਦਾ। ਕੁੱਝ ਲੋਕਾਂ ਦਾ ਕਹਿਣਾ ਏ ਕਿ ਵਲਟੋਹਾ ਨੇ ਸੁਖਬੀਰ ਬਾਦਲ ਲਈ ਚਮਚਾਗਿਰੀ ਕਰਨ ਲਈ ਹੱਦਾਂ ਬੰਨੇ ਟੱਪ ਦਿੱਤੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਥਿਤ ਤੌਰ ‘ਤੇ ਮੰਦਾ ਚੰਗਾ ਬੋਲ ਦਿੱਤਾ। ਉਂਝ ਕੁੱਝ ਲੋਕ ਇਹ ਵੀ ਆਖ ਰਹੇ ਨੇ ਕਿ ਜੋ ਹੋਇਆ ਚੰਗਾ ਹੋਇਆ, ਕਿਉਂਕਿ ਬਾਦਲਾਂ ਦੇ ਕਮਜ਼ੋਰ ਪੈਣ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜ਼ਰੂਰ ਮਜ਼ਬੂਤ ਹੋ ਗਏ।
ਵਲਟੋਹਾ ਵਾਲੇ ਮਾਮਲੇ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਗੱਲਾਂ ਵਲਟੋਹਾ ਬਾਰੇ ਆਖੀਆਂ, ਉਸ ਨਾਲ ਇਕੱਲੇ ਵਲਟੋਹਾ ਦੀ ਨਹੀਂ, ਬਲਕਿ ਬਾਦਲਾਂ ਦੀ ਵੀ ਫੱਟੀ ਪੋਚੀ ਗਈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਤੌਰ ‘ਤੇ ਆਖਿਆ ਕਿ ਅਕਾਲੀ ਦਲ ਵੱਲੋਂ ਪਰਦੇ ਪਿੱਛੇ ਵਲਟੋਹਾ ਦੀ ਮਦਦ ਕੀਤੀ ਜਾ ਰਹੀ ਐ। ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੇ ਅਕਾਲੀ ਦਲ ਬਾਦਲ ਨੂੰ ਕਾਸੇ ਜੋਗਾ ਨਹੀਂ ਛੱਡਿਆ। ਸਭ ਤੋਂ ਖ਼ਾਸ ਗੱਲ ਇਹ ਐ ਕਿ ਇਸ ਮਾਮਲੇ ਦਾ ਇਫੈਕਟ ਹੁਣ ਐਸਜੀਪੀਸੀ ਪ੍ਰਧਾਨ ਦੀ ਚੋਣ ‘ਤੇ ਖੁੱਲ੍ਹਮ ਖੁੱਲ੍ਹਾ ਦੇਖਣ ਨੂੰ ਮਿਲੇਗਾ।
ਦਰਅਸਲ ਸਮੁੱਚੀ ਸਿੱਖ ਕੌਮ ਆਪਣੀਆਂ ਸਰਵਉਚ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਰਾਜਸੀ ਦਬਾਅ ਤੋਂ ਮੁਕਤ ਦੇਖਣਾ ਚਾਹੁੰਦੀ ਐ। ਹੁਣ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਕਮਜ਼ੋਰ ਹੋਇਆ ਏ ਤਾਂ ਉਦੋਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਰੁਖ਼ ਵੀ ਧਾਰਮਿਕ ਅਵੱਗਿਆ ਕਰਨ ਵਾਲਿਆਂ ਖ਼ਿਲਾਫ਼ ਕਾਫ਼ੀ ਸਖ਼ਤ ਦਿਖਾਈ ਦੇ ਰਿਹਾ ਏ।