ਅਬੋਹਰ ਤੋਂ ਇੱਕ ਵੱਡੇ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪੂਰੇ ਇਲਾਕੇ ਨੂੰ ਹਿੱਲਾ ਕੇ ਰੱਖ ਦਿੱਤਾ। ਦੱਸ ਦੇਈਏ ਕਿ ਨਾਮਦੇਵ ਚੌਕ ਮਲੋਟ ਰੋਡ ‘ਤੇ ਦੋ ਸਪੇਅਰ ਪਾਰਟਸ ਦੀਆਂ ਦੁਕਾਨਾਂ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਦੁਕਾਨਾਂ ਵਿੱਚ ਰੱਖੇ ਦੋ ਗੈਸ ਸਿਲੰਡਰਾਂ ਵਿੱਚ ਵੱਡਾ ਧਮਾਕਾ ਹੋਇਆ। ਰਾਹਤ ਦੀ ਗੱਲ ਇਹ ਸੀ ਕਿ ਐਤਵਾਰ ਹੋਣ ਕਰਕੇ ਦੁਕਾਨਾਂ ਬੰਦ ਸਨ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਹਾਲਾਂਕਿ, ਇਸ ਦੌਰਾਨ ਦੁਕਾਨਾਂ ਦੇ ਨੇੜੇ ਖੜੀ ਇੱਕ ਸਕੂਲ ਵੈਨ ਸੜ ਗਈ ਅਤੇ ਦੁਕਾਨ ਦੇ ਅੰਦਰ ਰੱਖਿਆ ਬਹੁਤ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਅਨੁਸਾਰ ਨਾਮਦੇਵ ਚੌਕ ‘ਤੇ ਸਥਿਤ ਇਨ੍ਹਾਂ ਦੁਕਾਨਾਂ ਉੱਤੇ ਗੱਡੀਆਂ ਵਿੱਚ ਗੈਸ ਭਰੀ ਜਾਂਦੀ ਹੈ। ਇਸ ਦੌਰਾਨ ਅੱਗ ਲੱਗਣ ਦੌਰਾਨ ਦੋ ਸਿਲੰਡਰ ਫਟ ਗਏ, ਜਦੋਂ ਕਿ 6 ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।