ਲੁਧਿਆਣਾ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀਆਂ ਕਰਕੇ ਵਿਦਿਆਰਥੀਆਂ ਦੇ ਮਾਪੇ ਪਰੇਸ਼ਾਨ ਹਨ ਪ੍ਰਾਈਵੇਟ ਸਕੂਲਾਂ ਵੱਲੋਂ ਲਗਾਤਾਰ ਫੀਸਾਂ ਦੇ ਵਿੱਚ ਇਜਾਫਾ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਕਈ ਸਕੂਲਾਂ ਨੇ 50 ਫੀਸਦੀ ਤੱਕ ਫੀਸ ਦੇ ਵਿੱਚ ਵਾਧਾ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਮਾਪੇ ਪਰੇਸ਼ਾਨ ਹਨ ਅਤੇ ਇਸ ਸਬੰਧੀ ਸਕੂਲ ਦੀ ਸ਼ਿਕਾਇਤ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਨਿੱਜੀ ਸਕੂਲ ਦੇ ਵਿਦਿਆਰਥੀਆਂ ਦੇ ਮਾਪੇ ਲੁਧਿਆਣਾ ਪਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਕੋਲ ਪਹੁੰਚੇ। ਜਿੱਥੇ ਉਹਨਾਂ ਨੇ ਆਪਣੀ ਫਰਿਆਦ ਉਹਨਾਂ ਦੇ ਅੱਗੇ ਰੱਖੀ ਅਤੇ ਕਿਹਾ ਕਿ ਉਹ ਇੰਨੀ ਵੱਡੀਆਂ ਫੀਸਾਂ ਅਦਾ ਨਹੀਂ ਕਰ ਸਕਦੇ। ਸਰਕਾਰ ਨੂੰ ਇਸ ‘ਤੇ ਕੋਈ ਨਾ ਕੋਈ ਕਾਰਵਾਈ ਜਰੂਰ ਕਰਨੀ ਚਾਹੀਦੀ ਹੈ।
MLA ਗੁਰਪ੍ਰੀਤ ਗੋਗੀ ਨੇ ਸਾਰੇ ਹੀ ਮਾਪਿਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਨਿੱਜੀ ਸਕੂਲ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਨਾਲ ਸੋਮਵਾਰ ਨੂੰ ਮੀਟਿੰਗ ਫਿਕਸ ਕਰਨ ਤੋਂ ਬਾਅਦ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਹੱਕ ਦੇ ਵਿੱਚ ਜਰੂਰ ਉਹ ਗੱਲ ਕਰਨਗੇ। ਉਹਨਾਂ ਕਿਹਾ ਕਿ ਨਿੱਜੀ ਸਕੂਲਾਂ ਨੂੰ ਮਨਮਾਨੀਆਂ ਨਹੀਂ ਕਰਨ ਦਿੱਤੀਆਂ ਜਾਣਗੀਆਂ। ਗੁਰਪ੍ਰੀਤ ਗੋਗੀ ਨੇ ਕਿਹਾ ਕਿ ਭਾਵੇਂ ਉਹ ਸਕੂਲ ਕਿਸੇ ਦਾ ਵੀ ਹੋਵੇ ਕੋਈ ਸਕੂਲ ਆਪਣੀ ਮਰਜ਼ੀ ਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਫੀਸਾਂ ਚ ਵਾਧਾ ਨਹੀਂ ਕਰ ਸਕਦਾ।