ਤਖ਼ਤ ਸੱਚਖੰਡ ਹਜ਼ੂਰ ਸਾਹਿਬ ਦੇ ਗੁਰਦੁਆਰਾ ਬੋਰਡ ਦੇ ਅਖੰਡ ਪਾਠ ਵਿਭਾਗ ‘ਚ ਸਾਲ 2016 ਤੋਂ 2019 ਦਰਿਮਆਨ ਹੋਏ ਅਖੰਡ ਪਾਠ ਘੁਟਾਲੇ ਦਾ ਪਰਦਾਫ਼ਾਸ਼ ਹੋਇਆ ਹੈ ਜਿਸ ਸਬੰਧੀ ਜਗਦੀਪ ਸਿੰਘ ਨੰਬਰਦਾਰ ਦੀ ਸ਼ਿਕਾਇਤ ‘ਤੇ ਥਾਣਾ ਵਜ਼ੀਰਾਬਾਦ ਵਿਚ ਸੁਪਰਡੈਂਟ ਥਾਣ ਸਿੰਘ ਬੁੰਗਈ ਸਮੇਤ 4 ਮੁਲਾਜ਼ਮਾਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਵਿਸ਼ਵ ਪ੍ਰਸਿੱਧ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਵਿਖੇ ਜਿਥੇ ਰੋਜ਼ਾਨਾ ਦੇਸ਼-ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ, ਉੱਥੇ ਸੰਗਤਾਂ ਵਲੋਂ ਅਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਉਪਰੰਤ ਅਖੰਡ ਪਾਠ ਸਾਹਿਬ ਕਰਵਾਉਂਦੀਆਂ ਹਨ। ਜਿਨ੍ਹਾਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਬੋਰਡ ਦੇ ਅਖੰਡ ਪਾਠ ਵਿਭਾਗ ਵਲੋਂ ਕੀਤਾ ਜਾਂਦਾ ਹੈ। ਸਾਲ 2016 ਤੋਂ 2019 ਦਰਿਮਆਨ ਸ਼ਰਧਾਲੂ ਸੰਗਤਾਂ ਵਲੋਂ ਅਖੰਡ ਪਾਠ ਕਰਵਾਉਣ ਲਈ ਰਕਮ ਅਦਾ ਕੀਤੀ ਸੀ ਪਰ ਇਨ੍ਹਾਂ ਸ਼ਰਧਾਲੂ ਸੰਗਤਾਂ ਦੇ ਅਖੰਡ ਪਾਠ ਸਾਹਿਬ ਕਰਵਾਏ ਬਿਨਾਂ ਹੀ ਕਰਮਚਾਰੀਆਂ ਵਲੋਂ ਭੇਟਾ ਰਾਸ਼ੀ ਗਬਨ ਕਰ ਦਿਤੀ ਗਈ ਸੀ।
ਇਸ ਵਾਪਰੀ ਮੰਦਭਾਗੀ ਘਟਨਾ ਸਬੰਧੀ ਸ਼ਹਿਰ ਦੀਆਂ ਸ਼ਰਧਾਲੂ ਸੰਗਤਾਂ ਵਲੋਂ ਗੁਰਦੁਆਰਾ ਬੋਰਡ ਦੇ ਚੇਅਰਮੈਨ ਅਤੇ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ ਗਈ। ਸੰਗਤਾਂ ਦੇ ਰੋਸ ਨੂੰ ਦੇਖਦਿਆਂ ਜਾਂਚ ਕਮੇਟੀ ਨਿਯੁਕਤ ਕੀਤੀ ਗਈ ਸੀ। ਇਸ ਜਾਂਚ ਕਮੇਟੀ ਦੀ ਰਿਪੋਰਟ ਅਨੁਸਾਰ 2016 ਤੋਂ 2019 ਦਰਿਮਆਨ ਅਖੰਡ ਪਾਠ ਸਾਹਿਬ ਵਿਭਾਗ ਵਿਚ ਕਰੀਬ 36 ਲੱਖ 69 ਹਜ਼ਾਰ 350 ਰੁਪਏ ਦੀ ਗਬਨ ਹੋਣ ਦਾ ਪਤਾ ਲੱਗਾ ਹੈ।
ਇਸ ਵਾਪਰੀ ਘਟਨਾ ਸਬੰਧੀ ਥਾਣਾ ਵਜ਼ੀਰਾਬਾਦ ਵਿਖੇ ਜਗਦੀਪ ਸਿੰਘ ਨੰਬਰਦਾਰ ਦੀ ਸ਼ਿਕਾਇਤ ‘ਤੇ ਐਫ਼.ਆਈ.ਆਰ. ਨੰਬਰ 330/2024 ਧਾਰਾ 420/406/34 ਅਨੁਸਾਰ ਗੁਰਦੁਆਰਾ ਬੋਰਡ ਦੇ ਅਖੰਡ ਪਾਠ ਵਿਭਾਗ ਦੇ ਕਲਰਕ ਮਹੀਪਾਲ ਸਿੰਘ ਲਿਖਾਰੀ, ਧਰਮ ਸਿੰਘ, ਸੁਪਰਵਾਈਜ਼ਰ ਰਵਿੰਦਰ ਸਿੰਘ ਅਤੇ ਤਤਕਾਲੀ ਇੰਚਾਰਜ ਸੁਪਰਡੈਂਟ ਥਾਣ ਸਿੰਘ ਬੁਗੰਈ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦੀ ਪੁਲਿਸ ਵਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਦੋਂ ਸੁਪਰਡੈਂਟ ਥਾਣ ਸਿੰਘ ਬੁਗੰਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਘਪਲਾ ਕੀਤਾ ਗਿਆ ਸੀ ਉਨ੍ਹਾਂ ਨੂੰ ਤਖ਼ਤ ਸੱਚਖੰਡ ਬੋਰਡ ਵਲੋਂ ਕਾਰਵਾਈ ਕਰਦਿਆਂ ਮੁਅੱਤਲ ਕਰ ਦਿਤਾ ਸੀ, ਜਦਕਿ ਬੋਰਡ ਵਲੋਂ ਕਰਵਾਈ ਗਈ ਜਾਂਚ ਵਿਚ ਮੈਨੂੰ ਦੋਸ਼ ਮੁਕਤ ਕੀਤਾ ਗਿਆ ਸੀ, ਇਸੇ ਲਈ ਮੈਨੂੰ ਦੁਬਾਰਾ ਡਿਉਢੀ ‘ਤੇ ਜੁਆਇੰਨ ਕੀਤਾ ਗਿਆ ਸੀ