ਪੁਲਿਸ ਨੇ ਲੋਕਾਂ ਦੀ ਪੋਲ ਖੋਲ੍ਹਣ ਦਾ ਦਾਅਵਾ ਕਰਨ ਵਾਲੇ ਇਕ ਪੱਤਰਕਾਰ ਨੂੰ ਉਸ ਵੇਲੇ ਗਿ੍ਫ਼ਤਾਰ ਕਰ ਕੇ ਉਸ ਦੀ ਹੀ ਪੋਲ ਖੋਲ੍ਹ ਦਿੱਤੀ ਜਦ ਉਹ ਇਕ ਅੌਰਤ ਨੂੰ ਉਸ ਦਾ ਅਕਸ ਖ਼ਰਾਬ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰ ਰਿਹਾ ਸੀ। ਪੁਲਿਸ ਨੇ ਉਸ ਨੂੰ ਅਦਾਲਤ ‘ਚੋਂ ਰਿਮਾਂਡ ‘ਤੇ ਲੈ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਅਨੂ ਪਲਿਆਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਕਲੱਬ ਦੀ ਮੈਂਬਰ ਨੇ ਸ਼ਿਕਾਇਤ ਦਿੱਤੀ ਸੀ ਕੀ ਉਸ ਨੂੰ ਸੰਦੀਪ ਵਧਵਾ ਨਾਂ ਦਾ ਵਿਅਕਤੀ ਜੋ ਕਿ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ ਪਿਛਲੇ ਕਾਫ਼ੀ ਸਮੇਂ ਤੋਂ ਬਲੈਕਮੇਲ ਕਰ ਰਿਹਾ ਹੈ। ਉਕਤ ਵਿਅਕਤੀ ਉਸ ਨੂੰ ਧਮਕੀਆਂ ਦੇ ਰਿਹਾ ਹੈ ਕਿ ਉਹ ਉਸ ਦਾ ਅਕਸ ਖ਼ਰਾਬ ਕਰ ਦੇਵੇਗਾ। ਉਸ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੈ ਉਹ ਉਸ ਵਿਅਕਤੀ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਉਸ ਦਾ ਅਕਸ ਨਾ ਖ਼ਰਾਬ ਕਰਨ ਦੀ ਬੇਨਤੀ ਕਰ ਰਹੀ ਹੈ ਪਰ ਉਹ ਵਿਅਕਤੀ ਉਸ ਕੋਲੋਂ ਲਗਾਤਾਰ ਪੈਸਿਆਂ ਦੀ ਮੰਗ ਕਰ ਰਿਹਾ ਹੈ।
ਪੁਲਿਸ ਨੇ ਮਹਿਲਾ ਦੇ ਬਿਆਨਾਂ ‘ਤੇ ਸੰਦੀਪ ਵਧਵਾ ਖ਼ਿਲਾਫ਼ ਧਾਰਾ 384, 500, 506, 387 ਤਹਿਤ ਮਾਮਲਾ ਦਰਜ ਕਰ ਦਿੱਤਾ। ਇੰਸਪੈਕਟਰ ਅਨੂ ਪਲਿਆਲ ਨੇ ਦੱਸਿਆ ਕਿ ਸ਼ਨਿਚਰਵਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਮਸੰਦ ਚੌਕ ਲਾਗੇ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਹੈ। ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਮਸੰਦ ਚੌਕ ‘ਚ ਛਾਪਾਮਾਰੀ ਕਰ ਕੇ ਸੰਦੀਪ ਵਧਵਾ ਨੂੰ ਗਿ੍ਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ‘ਚੋਂ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਹੁਣ ਤੱਕ ਉਕਤ ਵਿਅਕਤੀ ਨੇ ਕਿਸ-ਕਿਸ ਨੂੰ ਬਲੈਕਮੇਲ ਕੀਤਾ ਹੈ।