ਜਲੰਧਰ ਜ਼ਿਮਨੀ ਚੋਣ: ਪੜ੍ਹੋ ਜਲੰਧਰ ਸੀਟ ਸਿਆਸੀ ਸਪੋਰਟਸ ਮੁਕਾਬਲੇ ਚ ਕਿਸ ਨੂੰ ਦੇਵੇਗੀ ਵਿਨਰ ਟ੍ਰਾਫੀ, ਕੀ ਹੈ ਸਿਆਸੀ ਗਣਿਤ

ਜਲੰਧਰ ਜ਼ਿਮਨੀ ਚੋਣ: ਪੜ੍ਹੋ ਜਲੰਧਰ ਸੀਟ ਸਿਆਸੀ ਸਪੋਰਟਸ ਮੁਕਾਬਲੇ ਚ ਕਿਸ ਨੂੰ ਦੇਵੇਗੀ ਵਿਨਰ ਟ੍ਰਾਫੀ, ਕੀ ਹੈ ਸਿਆਸੀ ਗਣਿਤ

ਖੇਡ ਸਨਅਤ ਦੇ ਮੋਹਰੀ ਸੂਬੇ ਵੱਜੋਂ ਪੰਜਾਬ ਨੂੰ ਸਥਾਪਿਤ ਕਰਨ ਪਿੱਛੇ ਜਲੰਧਰ ਦਾ ਵੱਡਾ ਯੋਗਦਾਨ ਹੈ। ਜਲੰਧਰ ਦੀ ਜ਼ਿਮਨੀ ਚੋਣ ਲਈ ਸਿਆਸੀ ਮੈਦਾਨ ਤਿਆਰ ਹੈ।  ਪਰ ਸਿਆਸੀ ਖੇਡ ਚ ਇਸ ਸੀਟ ਤੇ ਕਾਂਗਰਸ ਦਾ ਪੱਲੜਾ ਲੰਮੇ ਵਕਤ ਤੋਂ ਭਾਰੀ ਹੈ। ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਜਲੰਧਰ ਦੀ ਸੀਟ ਸਿਆਸੀ ਸਪੋਰਟਸ ਮੁਕਾਬਲੇ ਚ ਕਿਸ ਨੂੰ ਇਸ ਵਾਰੇ ਵਿਨਰ ਵਾਲ਼ੀ ਟ੍ਰਾਫੀ ਦੇਵੇਗੀ ਇਹ ਆਉਂਦੇ ਦਿਨਾਂ ਚ ਜਲੰਧਰ ਦੀ ਆਵਾਮ ਤੈਅ ਕਰ ਦੇਵੇਗੀ। ਪਰ ਇਸ ਤੋਂ ਪਹਿਲਾਂ ਇਸੇ ਸੀਟ ਨਾਲ ਜੁੜ੍ਹੇ ਕਈ ਅਹਿਮ ਤੱਥ ਤੋਂ ਜਾਣੂ ਹੋਵੋਗੇ।

ਕਾਂਗਰਸ ਦੇ ਲਈ ਪੱਕੀ ਸੀਟ ਵੱਜੋਂ ਵੇਖੀ ਜਾਂਦੀ ਰਹੀ ਜਲੰਧਰ ਲੋਕਸਭਾ ਦੀ ਸੀਟ ਮੈਂਬਰ ਪਾਰਲੀਮੈਂਟ ਸੰਤੋਖ ਚੌਧਰੀ ਦੇ ਦਿਹਾਂਤ ਤੋਂ ਬਾਅਦ ਖਾਲੀ ਹੋ ਗਈ ਸੀ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਸੁਆਗਤ ਕਰਨ ਲਈ ਆਪਣੇ ਇਲਾਕੇ ਦੇ ਲੋਕਾਂ ਨਾਲ ਖੜ੍ਹੇ ਚੌਧਰੀ ਸੰਤੋਖ ਦੀ ਤਬੀਅਤ ਅਚਾਨਕ ਵਿਗੜੀ ਅਤੇ ਉਹ ਅਕਾਲ ਚਲਾਣਾ ਕਰ ਗਏ ਸਨ। 13 ਮਾਰਚ ਨੂੰ ਉਮੀਦਵਾਰ ਵੱਜੋਂ ਸੰਤੋਖ ਚੌਧਰੀ ਦੀ ਪਤਨੀ ਦੇ ਨਾਂ ਦੇ ਐਲਾਨ ਤੋਂ ਬਾਅਦ ਇਸ ‘ਤੇ ਮੁਹਰ ਵੀ ਲੱਗੀ । ਕਰਮਜੀਤ ਕੌਰ ਨੂੰ ਕਾਂਗਰਸ ਦੀ ਟਿਕਟ ਮਿਲਣ ਤੋਂ ਬਾਅਦ ਇੱਕ ਹੋਰ ਤੱਥ ਇਤਿਹਾਸ ਚ ਦਰਜ ਹੋ ਗਿਆ। ਇਹ ਸੀ ਪਹਿਲੀ ਵਾਰ ਕਿਸੇ ਮਹਿਲਾ ਨੂੰ ਉਮੀਦਵਾਰੀ ਦਿੱਤੇ ਜਾਣਾ। ਕਰਮਜੀਤ ਕੌਰ ਚੌਧਰੀ ਹਾਲਾਂਕਿ ਆਪਣੇ ਪਤੀ ਦੇ ਪਾਲੀਟਿਕਸ ਚ ਸਰਗਰਮ ਰਹਿਣ ਵੇਲ਼ੇ ਸਿਆਸੀ ਤੌਰ ‘ਤੇ ਉਨ੍ਹੇ ਐਕਟਿਵ ਤਾਂ ਨਹੀਂ ਸਨ

ਹਲਫ਼ਨਾਮੇ ‘ਚ ਕੀ ਦੱਸਿਆ ?

2019 ਦੀਆਂ ਲੋਕ ਸਭਾ ਚੋਣਾਂ ਹੋਈਆਂ ਤਾਂ ਉਮੀਦਵਾਰਾਂ ਵੱਲੋਂ ਦਾਖਿਲ ਕੀਤੇ ਜਾਂਦੇ ਹਲਫ਼ਨਾਮਿਆਂ ਚ ਸੰਤੋਖ ਚੌਧਰੀ ਨੇ ਆਪਣੀ ਅਤੇ ਆਪਣੀ ਪਤਨੀ ਕਰਮਜੀਤ ਕੌਰ ਦੀ ਜਾਇਦਾਦ ਅਤੇ ਆਮਦਨ ਦਾ ਜ਼ਿਕਰ ਕੀਤਾ ਸੀ। ਚੋਣ ਕਮਿਸ਼ਨ ਦੀ ਸਾਈਟ ਤੇ ਅਪਲੋਡ ਕੀਤੇ ਹਲਫਨਾਮੇ ਮੁਤਾਬਿਕ ਕਰਮਜੀਤ ਕੌਰ ਹੁਰਾਂ ਕੋਲ਼ ਸਾਲ 2019 ਦੀਆਂ ਲੋਕਸਭਾ ਚੋਣਾਂ ਵੇਲ਼ੇ ਇੱਕ ਲੱਖ ਰੁਪੱਈਆ ਨਗਦ ਸੀ ਜਦੋਂ ਕਿ 16 ਲੱਖ 71 ਹਜ਼ਾਰ 553 ਰੁਪਏ ਦਾ ਕਰਜ਼ਾ ਉਨ੍ਹਾਂ ਦੇ ਸਿਰ ਸੀ, 70 ਲੱਖ ਰੁਪਏ ਕੀਮਤ ਦੀ ਜਾਇਦਾਦ ਉਨ੍ਹਾਂ ਦੇ ਨਾਂ ਸੀ, ਜਿਸ ਚ ਚੰਡੀਗੜ੍ਹ ਦੇ ਸੈਕਟਰ 47 ਚ ਇੱਕ ਫਲੈਟ ਸ਼ਾਮਿਲ ਸੀ। ਇੱਕ ਇਨੋਵਾ ਕਾਰ ਅਤੇ 15 ਤੋਲ਼ੇ ਸੋਨੇ ਦੀ ਮਾਲਕਿਨ ਵੀ ਕਰਮਜੀਤ ਕੌਰ ਸਨ।

2019 ਚ ਦਾਖਿਲ ਹਲਫਨਾਮੇ ਚ ਮਰਹੂਮ ਸੰਤੋਖ ਚੌਧਰੀ ਨੇ ਪੰਜਾਬ ਸਰਕਾਰ ਦੇ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨ (ਕਾਲਜਾਂ) ਦੇ ਅਹੁਦੇ ਤੋਂ ਰਿਟਾਇਰ ਕਰਮਜੀਤ ਕੌਰ ਹੁਰਾਂ ਦੀ ਆਮਦਨ ਦਾ ਸ੍ਰੋਤ ਸਰਕਾਰੀ ਪੈਨਸ਼ਨ ਮੁੱਖ ਤੌਰ ਤੇ ਦੱਸੀ ਸੀ।

1952 ‘ਚ ਦੇਸ਼ ‘ਚ ਪਹਿਲੀ ਵਾਰ ਲੋਕ ਸਭਾ ਚੋਣਾਂ ਹੋਈਆਂ ਤਾਂ ਜਲੰਧਰ ਸੀਟ ਤੋਂ ਕਾਂਗਰਸ ਦੇ ਅਮਰਨਾਥ ਸਿੰਘ ਪਹਿਲੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ। ਅਮਰਨਾਥ ਸਿੰਘ ਤੋਂ ਬਾਅਦ ਕਾਂਗਰਸ ਦੇ ਹੀ ਸਵਰਣ ਸਿੰਘ ਨੇ 1957, 1962, 1967, 1969 ਅਤੇ 1971 ‘ਚ ਇਹ ਸੀਟ ਆਪਣੇ ਨਾਂ ਕੀਤੀ। ਯਾਨੀ ਕੁੱਲ੍ਹ ਮਿਲਾ ਕੇ ਪੰਜ ਵਾਰ ਕਾਂਗਰਸ ਦੇ ਸਵਰਣ ਸਿੰਘ ਨੇ ਇਸ ਸੀਟ ‘ਤੇ ਜਿੱਤ ਦਾ ਸੁਨਹਿਰੀ ਪਰਚਮ ਲਹਿਰਾਇਆ। 1977 ਦੀ ਚੋਣ ਹੋਈ ਅਤੇ ਬਾਕੀ ਮੁਲਕ ਦੇ ਵਾਂਗ ਹੀ ਜਲੰਧਰ ‘ਚ ਵੀ ਕਾਂਗਰਸ ਲਈ ਸਿਆਸੀ ਤਖਤਾ ਪਲਟ ਹੋ ਗਿਆ। ਲਗਾਤਾਰ ਪੰਜੇ ਦੇ ਨਿਸ਼ਾਨ ਵਾਲੀ ਸੀਟ ਮੰਨੇ ਜਾਂਦੇ ਜਲੰਧਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਢਿੱਲੋਂ ਨੇ ਜਿੱਤ ਹਾਸਿਲ ਕਰ ਲਈ। ਪਰ ਜਿੱਤ ਦਾ ਇਹ ਜਸ਼ਨ ਜ਼ਿਆਦਾ ਲੰਮਾ ਨਹੀਂ ਚਲਿਆ ਅਤੇ 1980 ਅਤੇ 1984 ਦੀਆਂ ਚੋਣਾਂ ਚ ਕਾਂਗਰਸ ਦੇ ਹੀ ਰਜਿੰਦਰ ਸਿੰਘ ਸਪੈਰੋ ਨੇ ਇੱਥੇ ਜਿੱਤ ਦਾ ਝੰਡਾ ਗੱਡ ਦਿੱਤਾ। 1989 ਚ ਜਨਤਾ ਦਲ ਦਾ ਚਿਹਰਾ ਬਣ ਕੇ ਇਸ ਸੀਟ ਤੇ ਨਿਤਰੇ ਇੰਦਰ ਕੁਮਾਰ ਗੁਜਰਾਲ। ਜਿੰਨ੍ਹਾਂ ਅੱਗੇ ਜਾ ਕੇ ਦੇਸ਼ ਦੀ ਕਮਾਨ ਵੀ ਬਤੌਰ ਪ੍ਰਧਾਨ ਮੰਤਰੀ ਵੱਜੋਂ ਸਾਂਭੀ।

1992 ਦੀਆਂ ਚੋਣਾਂ ਚ ਕਾਂਗਰਸ ਦੇ ਯਸ਼ ਨੂੰ ਜਿੱਤ ਦਾ ਸਵਾਦ ਜਲੰਧਰ ਦੀ ਜਨਤਾ ਨੇ ਚਖਾਇਆ ਪਰ 1993 ਚ ਉਨ੍ਹਾਂ ਦੀ ਮੌਤ ਤੋਂ ਬਾਅਦ ਇੱਥੇ ਜ਼ਿਮਨੀ ਚੋਣ ਹੋਈ ਅਤੇ ਕਾਂਗਰਸ ਉਮੀਦਵਾਰ ਵੱਜੋਂ ਉਮਰਾਵ ਸਿੰਘ ਨੇ ਜਲੰਧਰ ਦੀ ਪ੍ਰਤਿਨਿਧਤਾ ਲੋਕਸਭਾ ‘ਚ ਕੀਤੀ। ਇਸ ਮਗਰੋਂ ਇੱਕ ਵਾਰ ਮੁੜ ਕਾਂਗਰਸ ਦੀ ਹਾਰ ਦਾ ਦੌਰ ਸ਼ੁਰੂ ਹੋਇਆ ਅਤੇ 1996 ਚ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਅਤੇ 1998 ਚ ਇੰਦਰ ਕੁਮਾਰ ਗੁਜਰਾਲ ਜਲੰਧਰ ਸੀਟ ਤੋਂ ਜੇਤੂ ਰਹੇ। 1999 ਚ ਜਲੰਧਰ ਸੀਟ ਤੇ ਕਾਂਗਰਸ ਦੇ ਪੰਜੇ ਨੇ ਆਪਣੀ ਪਕੜ ਮਜ਼ਬੂਤ ਕੀਤੀ ਅਤੇ ਬਲਬੀਰ ਸਿੰਘ ਇੱਥੋਂ ਚੋਣ ਜਿੱਤਣ ਚ ਕਾਮਯਾਬ ਹੋਏ। ਇਹ ਸ਼ੁਰੂਆਤ ਸੀ ਜਿੱਤ ਦੇ ਉਸ ਸਫਰ ਦੀ ਜਿਸ ਚ ਸਾਲ 2004 ਚ ਰਾਣਾ ਗੁਰਜੀਤ, 2009 ਚ ਸੀਟ ਰਾਖਵੀਂ ਹੋਣ ਤੋਂ ਬਾਅਦ ਮਹਿੰਦਰ ਸਿੰਘ ਕੇਪੀ, 2014 ਚ ਚੌਧਰੀ ਸੰਤੋਖ ਅਤੇ 2019 ਚ ਇੱਕ ਵਾਰ ਮੁੜ ਚੌਧਰੀ ਸੰਤੋਖ ਨੇ ਹੀ ਜਿੱਤੀ।