ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਹੇ ਵਿਰਸਾ ਸਿੰਘ ਵਲਟੋਹਾ ਨੂੰ ਪੰਜ ਸਿੰਘ ਸਹਿਬਾਨਾਂ ਵਲੋਂ ਪਾਰਟੀ ‘ਚੋਂ ਕੱਢਣ ਦਾ ਹੁਕਮ ਦਿੱਤਾ ਗਿਆ ਸੀ। ਜਿਸ ਦੇ ਚੱਲਦੇ ਵਲਟੋਹਾ ਨੇ ਖੁਦ ਹੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਪੰਜ ਸਿੰਘ ਸਹਿਬਾਨਾਂ ਦੁਆਰਾ ਉਨ੍ਹਾਂ ਨੂੰ ਕੀਤੀ ਗਈ ਤਲਬੀ ਸਬੰਧੀ ਵੀਡੀਓ ਨੂੰ ਜਾਰੀ ਕਰਨ ਨੂੰ ਲੈਕੇ ਅਕਸਰ ਹੀ ਸਵਾਲ ਚੁੱਕਦੇ ਰਹੇ ਹਨ, ਜਿਸ ਦੇ ਚੱਲਦੇ ਉਨ੍ਹਾਂ ਨੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਖੀ ਭਰੇ ਅੰਦਾਜ਼ ‘ਚ ਦੇਖਿਆ ਜਾ ਸਕਦਾ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਲਿਖਿਆ ਕਿ, “ਅੱਜ ਸਵੇਰੇ ਉੱਠਕੇ ਮੈਂ ਦੇਖਿਆ ਕਿ ਇੱਕ ਵੀਡੀਓ ਕਲਿੱਪ ਵੱਡੇ ਪੱਧਰ ‘ਤੇ ਵਾਇਰਲ ਹੋ ਰਿਹਾ ਹੈ। ਮੈਂ ਸਿੱਖ ਪੰਥ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਵੀਡੀਓ ਕਲਿੱਪ 15 ਅਕਤੂਬਰ ਦੀ ਮੇਰੀ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ੀ ਸਮੇਂ ਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੀ ਤਲਬੀ ਸਮੇਂ ਤੈਸ਼ ‘ਚ ਆਕੇ ਬਹੁਤ ਕੁੱਝ ਸਵੀਕਾਰ ਕੀਤਾ ਸੀ।ਉਨਾਂ ਇਹ ਵੀ ਸਵੀਕਾਰ ਕੀਤਾ ਕਿ,”ਹਾਂ ਮੇਰੀ BJP ਨਾਲ ਸਾਂਝ ਹੈ।”
ਤੈਸ਼ ‘ਚ ਹੀ ਕੇਂਦਰ ਸਰਕਾਰ ਨਾਲ ਸਾਂਝ ‘ਤੇ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਹੁੰਦੀ ਗੱਲਬਾਤ ਨੂੰ ਵੀ ਸਵੀਕਾਰ ਕੀਤਾ। ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਗੁੱਸੇ ਵਿੱਚ ਕਈ ਵਾਰ “ਭੈਣ ਚੋ…” ਤੇ “ਸਾਲਿਓ” ਸ਼ਬਦ ਦੀ ਵੀ ਵਰਤੋਂ ਕੀਤੀ। ‘ਜੇ ਕੋਈ ਫੋਨ ਤੇ ਗੱਲ ਕਰ ਲੈਦਾਂ । ਸਾਲਿਓ। ਜਥੇਦਾਰ ਹਰਪ੍ਰੀਤ ਸਿੰਘ ਦੇ ਬੋਲ ‘।
ਇਸ ਕਲਿੱਪ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲੀਆਂ ਨੂੰ ਗਾਹਲ ਕੱਢਦੇ ਹੋਏ “ਸਾਲਿਓ” ਕਹਿ ਰਹੇ ਹਨ। ਮੇਰੀ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜੋ ਸਿੰਘ ਸਾਹਿਬਾਨ ਨੇ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਇਹ ਅਸੀਂ ਮੀਡੀਆ ਨੂੰ ਜਾਰੀ ਕਰਾਂਗੇ ਪਰ ਪਤਾ ਨਹੀਂ ਉਹ ਕਿਉਂ ਨਹੀਂ ਜਾਰੀ ਕੀਤੀ ਗਈ। ਇਸ ਕਲਿੱਪ ਵਿੱਚ ਪੰਜ ਸਿੰਘ ਸਾਹਿਬਾਨ ਸਾਮਣੇ ਤਲਬੀ ਰੂਪ ਵਿੱਚ ਮੈਂ ਬੈਠਾ ਹਾਂ।