ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਥਾਪਿਆ ਗਿਆ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ SGPC ਦੀ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ। ਗਿਆਨੀ ਰਘਬੀਰ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਰਹਿ ਚੁੱਕੇ ਹਨ। ਹੁਣ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੋਣਗੇ। ਪ੍ਰੈਸ ਕਾਨਫਰੰਸ ਵਿੱਚ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸਵੈ-ਇੱਛਾ ਨਾਲ ਛੱਡਿਆ ਹੈ।
ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸਨ ਤੇ ਨਾਲ ਹੀ ਸ੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਵੀ ਨਿਭਾਅ ਰਹੇ ਸਨ। ਜਿਸ ਤੋਂ ਬੜਾ ਹੁਣ ਗਿਆਨੀ ਰਘੁਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ-ਨਾਲ ਗਿਆਨੀ ਰਘੁਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਤੌਰ ‘ਤੇ ਵੀ ਵਾਧੂ ਸੇਵਾਵਾਂ ਨਿਭਾਉਣਗੇ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਗਿਆਨੀ ਸੁਲਤਾਨ ਸਿੰਘ ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਵੱਜੋਂ ਸੇਵਾ ਨਿਭਾਅ ਰਹੇ ਹਨ। ਗਿਆਨੀ ਸੁਲਤਾਨ ਸਿੰਘ ਸੰਨ 2008 ਵਿਚ ਬਤੌਰ ਗ੍ਰੰਥੀ ਸਿੰਘ ਭਰਤੀ ਹੋਏ ਅਤੇ ਸੰਨ 2015 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸੀਆ ਵਜੋਂ ਸੇਵਾ ਸੰਭਾਲੀ। ਸੰਨ 2021 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਨਿਯੁਕਤ ਹੋਏ ਗਿਆਨੀ ਸੁਲਤਾਨ ਸਿੰਘ ਨੂੰ ਅੱਜ 16 ਜੂਨ 2023 ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਫੈਸਲਾ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਹੈ।