ਮਾਨਸਾ ਦੇ ਕਾਲਜ ਦੀਆਂ ਲੜਕੀਆਂ ਨੂੰ ਵਧੀਆ ਕਲਚਰ ਪ੍ਰੋਗਰਾਮ ਪੇਸ਼ ਕਰਨ ਦੇ ਲਈ ਅਧਿਆਪਕਾਂ ਵੱਲੋਂ ਸ਼ਰਾਬ ਦਾ ਸੇਵਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਲੜਕੀਆਂ ਨੇ ਅਧਿਆਪਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਾਨਸਾ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਦੇ ਮਾਤਾ ਸੁੰਦਰੀ ਗਰਲਜ ਕਾਲਜ ਦੀਆਂ 15 ਲੜਕੀਆਂ ਦਾ ਗਰੁੱਪ ਮਹਾਰਾਸ਼ਟਰ ਵਿਖੇ ਕਲਚਰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਗਿਆ ਸੀ। ਲੜਕੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਵਧੀਆ ਪਰਫੋਰਮੈਂਸ ਕਰਨ ਦੇ ਲਈ ਅਧਿਆਪਕਾਂ ਨੇ ਉਨ੍ਹਾਂ ਨੂੰ ਦਵਾਈ ਦੱਸਦੇ ਸ਼ਰਾਬ ਪਿਆ ਦਿੱਤੀ। ਪੀੜਤ ਲੜਕੀਆਂ ਨੇ ਦੱਸਿਆ ਕਿ “ਕੁਝ ਦਿਨ ਪਹਿਲਾਂ 15 ਲੜਕੀਆਂ ਦਾ ਇੱਕ ਗਰੁੱਪ ਮਹਾਰਾਸ਼ਟਰ ਵਿਖੇ ਗਿਆ ਸੀ ਜਿੱਥੇ ਪਹਿਲੇ ਦਿਨ ਪ੍ਰੋਗਰਾਮ ਵਧੀਆ ਨਾ ਹੋਣ ਕਾਰਨ ਅਧਿਆਪਕਾਂ ਨੇ ਸਾਨੂੰ ਰਾਤ ਸਮੇਂ ਦੂਸਰਾ ਪ੍ਰੋਗਰਾਮ ਵਿੱਚ ਵਧੀਆ ਪੇਸ਼ਕਾਰੀ ਕਰਨ ਲਈ ਦਵਾਈ ਦੱਸਕੇ ਸ਼ਰਾਬ ਪਿਆ ਦਿੱਤੀ। ਸਾਨੂੰ ਦੱਸਿਆ ਗਿਆ ਸੀ ਤੁਸੀਂ ਇਹ ਦਵਾਈ ਪੀ ਲਓ, ਤੁਹਾਡਾ ਗਾਲਾ ਸਾਫ਼ ਹੋ ਜਾਵੇਗਾ। ਅਸੀਂ ਮਾਨਸਾ ਪਹੁੰਚੇ ਇਸ ਸਬੰਧੀ ਕਾਲਜ ਪ੍ਰਿੰਸੀਪਲ ਨੂੰ ਸ਼ਿਕਾਇਤ ਦਿੱਤੀ, ਉਨ੍ਹਾਂ ਨੇ ਵੀ ਸਾਨੂੰ ਬਹੁਤ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਤੁਸੀਂ ਸ਼ਰਾਬ ਕਿਉਂ ਪੀਤੀ ਹੈ।”